ਜੀ, ਇਸ ਹਫ਼ਤੇ ਆਪਾਂ ਸਾਰਿਆਂ ਨੇ ‘ਮਿੱਠਤ ਨੀਵੀਂ’ ਦੇ ਗੁਣ ਜੋ ਪਰਮਾਤਮਾ ਨੇ ਆਪਣੇ ਵਿੱਚ ਪਾਏ ਹਨ, ਉਹਨਾਂ ਗੁਣਾਂ ਨਾਲ ਸਬੰਧ ਬਣਾਉਣ ਲਈ, ਉਹਨਾਂ ਗੁਣਾਂ ਵਾਲੀ ਆਪਣੀ ਸੁਰਤੀ ਨੂੰ ਬਣਾਉਣ ਲਈ ਅਭਿਆਸ ਕਰਨਾ।
ਆਪਣੀ ਸੁਰਤੀ ਹਮੇਸ਼ਾਂ ਭੂਤਕਾਲ ਜਾਂ ਭਵਿੱਖਕਾਲ ਵਿੱਚ ਰਹਿੰਦੀ ਪਰ ਆਪਣਾ ਸਰੀਰ ਹਮੇਸ਼ਾਂ ਵਰਤਮਾਨ ਵਿੱਚ ਰਹਿੰਦਾ, ਹੁਣ ਵਿੱਚ ਰਹਿੰਦਾ, ਇਸ ਪਲ ਵਿੱਚ ਹੁੰਦਾ ਜਿਹੜਾ ਪਲ ਆਪਣੇ ਸਾਹਮਣੇ ਤੋਂ ਗੁਜ਼ਰ ਰਿਹਾ।
ਸੋ ਦਿਨ ਵਿੱਚ ਕਈ ਵਾਰ ਯਾਦ ਕਰਨਾ ਕਿ ਮੇਰਾ ਸਰੀਰ ਹੁਣ ਵਿੱਚ ਹੈ। ਫਿਰ ਜਿੱਥੇ ਵੀ ਆਪਣਾ ਸਰੀਰ ਹੈ, ਬੈਠਾ, ਖਲੋਤਾ, ਤੁਰਦਾ, ਛਕਦਾ ਜਾਂ ਇਸ਼ਨਾਨ ਕਰਦਾ, ਇਹਨੂੰ ਦੇਖਣਾ ਕਿਉਂਕਿ ਆਪਣਾ ਸਰੀਰ ਵਰਤਮਾਨ ਵਿੱਚ ਹੈ। ਜਦੋਂ ਆਪਾਂ ਇਸ ਨੂੰ ਦੇਖਦੇ ਤਾਂ ਆਪਣੀ ਸੁਰਤੀ ਵੀ ਵਰਤਮਾਨ ਵਿੱਚ ਆ ਜਾਂਦੀ ਹੈ।
ਫਿਰ ਆਪਣੇ ਨੇਤਰ ਬੰਦ ਕਰਕੇ, ਆਪਣੇ ਅੰਦਰ ਵੱਲ ਧਿਆਨ ਕਰਕੇ ਮਹਿਸੂਸ ਕਰਨਾ ਕਿ ਮੇਰੇ ਅੰਦਰ ਪਰਮਾਤਮਾ ਦੀ ਜੋਤ ਜਗ ਰਹੀ ਹੈ ਅਤੇ ਪਰਮਾਤਮਾ ਨੇ ਮੈਨੂੰ ਮਿੱਠਤ ਨੀਵੀਂ ਵਾਲਾ, ਹਲੀਮੀਆਂ ਵਾਲਾ ਅਤੇ ਪਿਆਰ ਵਾਲਾ ਬਣਾਇਆ ਹੈ।
ਇਸ ਖ਼ਿਆਲ ਨਾਲ ਆਪਣੇ ਆਪ ਨੂੰ ਦੇਖਣਾ ਅਤੇ ਯਾਦ ਰੱਖਣਾ ਕਿ ਜਿਸ ਤਰ੍ਹਾਂ ਆਪਾਂ ਨੂੰ ਕੋਈ ਅੰਦਰੋਂ ਕਹਿ ਰਿਹਾ ਕਿ ਮਿੱਠਤ ਨੀਵੀਂ ਦੇ ਘਰ ਵਿੱਚ ਆਇਆਂ ਨੂੰ ਜੀ ਆਇਆਂ, ਜੀ ਆਇਆਂ।
ਇਸ ਸੋਚ ਨਾਲ ਜਿੰਨਾ ਚਿਰ ਹੋ ਸਕੇ ਆਪਣੇ ਸਰੀਰ ਦੇ ਨਾਲ ਰਹਿਣਾ। ਫਿਰ ਹੌਲੀ ਜਿਹੀ ਅੱਖਾਂ ਖੋਲ੍ਹ ਕੇ ਬਾਹਰ ਦੇਖਣਾ ਕਿ ਆਪਣੇ ਦੇਖਣ ਵਾਲੀ ਸੁਰਤੀ ਵਿੱਚ ਤੇ ਸਮਝਣ ਵਾਲੀ ਸੁਰਤੀ ਵਿੱਚ ਬਦਲਾਅ ਆਇਆ ਹੈ। ਆਪਣੀ ਦੇਖਣ ਵਾਲੀ ਸੁਰਤੀ ਵੀ ਕੋਮਲ ਹੈ ਅਤੇ ਆਪਣਾ ਸੁਭਾਅ ਵੀ ਪਿਆਰ ਵਾਲਾ ਹੈ ਤੇ ਆਪਣੇ ਅੰਦਰ ਹਮਦਰਦੀ ਵੀ ਹੈ।
ਇਹ ਜੋ ਹਲੀਮੀਆਂ, ਹਮਦਰਦੀਆਂ ਅਤੇ ਮੁਹੱਬਤਾਂ ਵਾਲੀ ਸੁਰਤੀ ਅੰਦਰੋਂ ਆਪਾਂ ਨੂੰ ਮਿਲੀ, ਇਸ ਨਾਲ ਜਿੰਨਾ ਜ਼ਿਆਦਾ ਸਮਾਂ ਹੋ ਸਕੇ ਇਸ ਦੇ ਨਾਲ ਰਹਿਣਾ। ਦਿਨ ਵਿੱਚ ਕਈ ਵਾਰ ਇਸ ਤਰ੍ਹਾਂ ਕਰਨਾ, ਹਰ ਵਾਰੀ ਜਦੋਂ ਵੀ ਆਪਾਂ ਘਰ ਆਵਾਂਗੇ ਅਤੇ ਇਹ ਦਾਤ ਪ੍ਰਾਪਤ ਕਰਾਂਗੇ, ਹਰ ਵਾਰੀ ਆਪਾਂ ਹੋਰ ਹਲੀਮੀਆਂ ਵਾਲੇ, ਹੋਰ ਹਮਦਰਦੀਆਂ ਵਾਲੇ ਅਤੇ ਮੁਹੱਬਤਾਂ ਵਾਲੇ ਹੁੰਦੇ ਜਾਵਾਂਗੇ।
ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥
ਇਸ ਤਰ੍ਹਾਂ ਹਰ ਰੋਜ਼ ਅਭਿਆਸ ਕਰਨ ਨਾਲ ਆਪਣੇ ’ਤੇ ਹਲੀਮੀਆਂ ਦਾ ਰਾਜ ਹੋ ਜਾਵੇਗਾ।
ਹਰ ਰੋਜ਼ ਇਸ ਅਭਿਆਸ ਦੀ ਰਿਪੋਰਟ hkl.org ’ਤੇ ਕਰਨਾ ਨਹੀਂ ਭੁੱਲਣਾ ਜੀ।
