Episode 13

ਹਲੇਮੀਆਂ, ਹਮਦਰਦੀਆਂ ਤੇ ਮੁਹੱਬਤਾਂ: ਅਸਲੀ ਦੌਲਤ

ਹਲੇਮੀਆਂ, ਹਮਦਰਦੀਆਂ ਤੇ ਮੁਹੱਬਤਾਂ: ਅਸਲੀ ਦੌਲਤ

ਵਾਹਿਗੁਰੂ। 

ਪਰਮਾਤਮਾ ਨੇ ਇਸ ਦੇਹੀ ਨੂੰ ਬਣਾਈ ਹੈ ਤੇ ਇਹ ਦੇਹ ਰੂਪੀ ਘੋੜੀ ਦੇ ਉੱਪਰ ਆਪ ਹੀ ਹੈ ਸਵਾਰ ਹੋਇਆ ਹੈ। ਪਰਮਾਤਮਾ ਹਮੇਸ਼ਾ ਦੇਹੀ ਨਾਲ ਨਾਲ ਰਹਿੰਦਾ ਹੈ। 

ਪਰਮਾਤਮਾ ਇਸ ਦੇਹ ਰੂਪੀ ਘੋੜੀ ’ਤੇ ਸਵਾਰ ਹੋ ਕੇ ਆਪਾਂ ਨੂੰ ਵਿਆਹੁਣ ਆਇਆ ਹੈ ਤੇ ਉਹਨੇ ਦੁਨੀਆਂ ’ਚੋਂ ਆਪਾਂ ਨੂੰ ਕੱਢਣਾ ਹੈ। ਮੈਂ ਦੁਨੀਆਂ ਨਾਲ ਵਿਆਹੀ ਹੋਈ ਸਾਂ। ਦੁਨੀਆਂ ਵਿੱਚ ਰਹਿੰਦੇ ਹਾਂ, ਫਸੀ ਹੋਈ ਹਾਂ, ਤੇ ਉਹ ਆਇਆ ਹੈ ਮੈਨੂੰ ਵਿਆਹੁਣ ਵਾਸਤੇ ਤੇ ਉਹਨੇ ਦੁਨੀਆਂ ’ਚੋਂ ਕੱਢ ਕੇ ਆਪਣੇ ਮਹਿਲਾਂ ਵੱਲ ਲੈ ਕੇ ਜਾਣਾ ਹੈ।

ਜੀਵਨ ਦਾ ਮਕਸਦ ਕੀ ਹੈ? ਸਾਨੂੰ ਇਸ ਦੁਨੀਆਂ ਵਿੱਚ ਕਿਉਂ ਭੇਜਿਆ ਗਿਆ ਹੈ? ਉਹ ਦੁਨੀਆ ਜੀਦੇ ਵਿੱਚ ਸਿਰਫ਼ ਖਾਇਸ਼ਾਂ, ਦੁੱਖ, ਤਕਲੀਫਾਂ — ਡਰਾਂ ਹੋਰ ਕੁਝ ਨਹੀਂ। ਤੇ ਉਹ ਸਾਨੂੰ ਵਿਆਹੁਣ ਵਾਸਤੇ ਪਹਿਲਾਂ ਹੀ ਇੱਥੇ ਮੌਜੂਦ ਹੈ। ਹਾਜ਼ਿਰ ਹੈ।

ਇਹ ਜੋ ਆਪਣਾ ਦਿਲ ਨੱਚਦਾ ਹੈ  ਇਹ ਪਰਮਾਤਮਾ ਦਾ ਹੀ ਨਾਚ ਹੈ। ਉਹਨਾਂ ਅੱਗੇ ਝੁੱਕੇ ਰਹਿਣਾ ਕਿ ਪਾਤਸ਼ਾਹ ਤੂੰ ਮੇਰੇ 'ਤੇ ਇੱਡੀ ਵੱਡੀ ਬਖਸ਼ਿਸ਼। ਆਪਾਂ ਪਛਾਣਨਾ ਕਿ ਕਿੱਡੇ ਵੱਡੀ ਦਾਤ ਸਾਨੂੰ ਮਿਲੀ ਹੈ ਜੀਨੂੰ ਮਾਣਸ ਦੇਹੀ ਆਖਦੇ ਨੇ। ਕਿ ਸਾਨੂੰ ਇਹ ਸੁਰਤੀ ਬਖਸ਼ੀ ਹੈ, ਮਾਣਸ ਸੁਰਤੀ, ਪਰ ਆਪਾਂ ਪਛਾਣਦੇ ਹੀ ਨਹੀਂ। 

ਹਰ ਮਨੁੱਖ, ਹਰ ਦੇਹੀ ਬੇਸ਼ਕੀਮਤੀ ਹੈ, ਕਿਉਂਕਿ ਇਹ ਪਰਮਾਤਮਾ ਦਾ ਮਹਿਲ ਹੈ। ਇਹ ਪਰਮਾਤਮਾ ਦਾ ਮੰਦਰ ਹੈ। ਇਹ ਪਰਮਾਤਮਾ ਦਾ ਜਿਊਂਦਾ ਜਾਗਦਾ  ਮੰਦਰ ਹੈ, ਜਿਸ ਰਾਹੀਂ ਪਰਮਾਤਮਾ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।

ਇਹੀ ਥਾਂ ਹੈ। ਇਹ ਸਰੀਰ ਉਹ ਥਾਂ ਹੈ ਜਿੱਥੇ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਪੂਰੇ ਬ੍ਰਹਿਮੰਡ ਵਿੱਚ ਹੋਰ ਕਿਤੇ ਨਹੀਂ ਮਿਲ ਸਕਦੇ ਹਾਂ । ਇਸ ਦੀ ਕੀਮਤ ਕੋਈ ਕੀ ਪਾ ਸਕਦਾ ਹੈ? ਜਿੱਥੇ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ। ਜਿੱਥੇ ਅਸੀਂ ਜਾਣ ਸਕਦੇ ਹਾਂ ਕਿ ਮੈਂ ਕੌਣ ਹਾਂ? ਜੀ, ਧਿਆਨ ਨਾਲ ਇਸ ਸਰੀਰ ਨੂੰ ਮਹਿਸੂਸ ਕਰੋ।

ਇੱਕ ਚਿੱਠੀ ਆਈ Melbourne, Australia ਤੋਂ ਤੇ ਲਿਖਣ ਵਾਲੇ ਲਿਖਦੇ: “ਜੀ, ਬਹੁਤ ਤਰਲੇ ਮਿੰਨਤਾਂ ਤੋਂ ਬਾਅਦ ਪਰਮਾਤਮਾ ਨੇ ਕਿਰਪਾ ਕੀਤੀ। ਸਾਨੂੰ ਵੀ ਧੜਕਨ ਸੁਣਨ ਲੱਗੀ ਹੈ। ਦਿਲ ਦੀ ਧੜਕਨ ਜਦੋਂ ਸੁਣਨ ਲੱਗ ਪੈਂਦੀ ਹੈ, ਏਦਾਂ ਲੱਗਦਾ ਜਿਵੇਂ ਸਮਾਂ ਰੁੱਕ ਗਿਆ ਹੋਵੇ ਤੇ ਕਿਸੇ ਹੋਰ ਹੀ ਦੁਨੀਆਂ ਵਿੱਚ ਆ ਗਏ ਹੋਈਏ।”

ਇੱਕ ਨਦੀ ਵਹਿ ਰਹੀ ਹੈ। ਉਹ ਦਿਨ-ਰਾਤ ਆਪਣੇ ਪਿਆਰੇ, ਜਿਸ ਵਿੱਚੋਂ ਉਹ ਪੈਦਾ ਹੋਈ —ਸਮੁੰਦਰ—ਵੱਲ ਜਾ ਰਹੀ ਹੈ। ਉਹ ਆਪਣੇ ਸਿਰਜਣਹਾਰ– ਸਮੁੰਦਰ ਦੀ ਇੰਨੀ ਸ਼ੁਕਰਗੁਜ਼ਾਰ ਹੈ। ਉਹ ਸੋਚਦੀ ਹੈ— ਤੂੰ ਮੈਨੂੰ ਇਹ ਸੰਸਾਰ ਵਿਖਾਇਆ। 

ਤੂੰ ਮੈਨੂੰ ਪਹਾੜ ਵਿਖਾਏ, ਤੂੰ ਮੈਨੂੰ ਮੈਦਾਨ ਵਿਖਾਏ, ਤੂੰ ਮੈਨੂੰ ਆਪਣੀ ਰਚਨਾ ਵਿਖਾਈ। 

ਨਦੀ ਆਪਣੇ ਸਿਰਜਣਹਾਰ ਦੀ ਬਹੁਤ ਸ਼ੁਕਰਗੁਜ਼ਾਰ ਹੈ ਤੇ ਦਿਨ-ਰਾਤ ਉਸੇ  ਵੱਲ ਲਗਾਤਾਰ ਵਹਿ ਰਹੀ ਹੈ। ਉਹ ਆਪਣੇ ਆਪ ਨੂੰ, ਆਪਣੇ ਪਿਆਰੇ, ਆਪਣੇ ਮੂਲ ਦੇ ਵਿੱਚ ਕੁਰਬਾਨ ਕਰ ਦੇਣਾ ਚਾਹੁੰਦੀ ਹੈ। ਉਹ ਆਪਣੇ ਪਿਆਰੇ ਦੇ ਵਿੱਚ ਇਸ ਤਰ੍ਹਾਂ ਘੁਲ ਜਾਣਾ ਚਾਹੁੰਦੀ ਹੈ ਕਿ ਉਸਦੀ ਆਪਣੀ ਹੋਂਦ ਹੀ ਗੁਆ ਬੈਠੇ।

ਅਸੀਂ ਸਤਸੰਗਤ ਵਿੱਚ ਜਾਗਦੇ ਹਾਂ ਅਤੇ ਸਾਡੇ ਅੰਦਰ ਉਹ ਬੁੱਧ ਪੈਦਾ ਹੁੰਦੀ ਹੈ। ਉਹ ਬੁੱਧ, ਜਿਹੜੀ ਸਾਡੇ ਅੰਦਰ ਨੂੰ ਮਹਿਸੂਸ ਕਰਦੀ ਹੈ। ਉਹ ਬੁੱਧ, ਜਿਹੜੀ ਧੜਕਦੇ ਦਿਲ ਨੂੰ ਮਹਿਸੂਸ ਕਰਦੀ ਹੈ।

ਸਿਰਫ਼ ਜਦੋਂ ਅਸੀਂ ਹੋਰ ਤੋਂ ਹੋਰ ਸਿਮਰਨ ਕਰਦੇ ਜਾਂਦੇ ਹਾਂ, ਇੱਕ ਅਵਸਥਾ ਜਾ ਸਟੇਜ ਆਉਂਦੀ ਹੈ ਜਿੱਥੇ ਸਾਨੂੰ ਇਹ ਪਛਾਣ ਹੋਣ ਲੱਗਦੀ ਹੈ ਕਿ ਜਿਸ ਨੂੰ ਮੈਂ ‘ਮੈਂ’ ਆਖਦਾ ਰਿਹਾ ਹਾਂ, ਉਹ ਅਸਲ ਵਿੱਚ ਪਰਮਾਤਮਾ ਹੀ ਹੈ,ਤੇ ਇਹ ਬਦਲਾਅ ਸਤਸੰਗਤ ਦੇ ਵਿੱਚ ਹੁੰਦਾ ਹੈ। ਇਹ ਅੰਦਰਲਾ ਬਦਲਾਅ ਸਤਸੰਗਤ ਵਿੱਚੋਂ ਹੀ ਆਉਂਦਾ ਹੈ। 

ਤੇ ਫਿਰ ਸਤਸੰਗਤ ਵਿੱਚ ਹੀ ਪਰਮਾਤਮਾ ਨਾਲ ਪਿਆਰ ਬਣਦਾ, ਜਿਵੇਂ ਉਹ ਨਦੀ ਆਪਣੇ ਪਿਆਰੇ ਦੇ ਨਾਲ ਪਿਆਰ ਵਿੱਚ ਪੈ ਜਾਂਦੀ ਹੈ। ਪੈ ਗਈ। ਪੈ ਗਈ। ਇਸੇ ਕਰਕੇ ਉਹ ਹੇਠਾਂ ਵੱਲ ਵਹਿੰਦੀ ਜਾਂਦੀ ਹੈ। ਕਿਉਂਕਿ ਉਹ ਪਿਆਰ ਵਿੱਚ ਪੈ ਗਈ ਹੈ।

ਨਦੀ ਸਮੁੰਦਰ ਦੇ ਨਾਲ ਪਿਆਰ ਵਿੱਚ ਪੈ ਜਾਂਦੀ ਹੈ, ਇਸ ਕਰਕੇ ਉਹ ਹੇਠਲੀਆਂ ਥਾਵਾਂ ਵੱਲ ਵਹਿੰਦੀ ਜਾਂਦੀ ਹੈ। ਇਸੇ ਤਰ੍ਹਾਂ ਅਸੀਂ ਵੀ ਪਰਮਾਤਮਾ ਦੇ ਨਾਲ ਪਿਆਰ ਵਿੱਚ ਪੈ ਜਾਂਦੇ ਹਾਂ। ਕਿਵੇਂ? ਹਲੇਮੀ ਬਣ ਕੇ। ਸਾਡੇ ਅੰਦਰ ਦੀ ਹਲੇਮੀ ਹੀ ਪਰਮਾਤਮਾ ਦੇ ਨਾਲ ਜੋੜਕੇ ਰੱਖਦੀ ਹੈ ਅਤੇ ਸਾਨੂੰ ਉਸ ਦੇ ਨਾਲ ਪਿਆਰ ਵਿੱਚ ਪਾ ਦਿੰਦੀ ਹੈ। ਹਲੇਮੀ, ਹਮਦਰਦੀ ਤੇ ਮੁਹੱਬਤ —ਜਦੋਂ ਇਹ ਤਿੰਨੇ ਇਕੱਠੇ ਹੋ ਜਾਂਦੇ ਹਨ।

ਇਸ ਮਹਿਲ ਦੇ ਵਿੱਚ, ਜਿਸ ਨੂੰ ਮੈਂ ਆਪਣਾ ਸਰੀਰ ਆਖਦਾ ਹਾਂ, ਉਸ ਦੇ ਵਿੱਚ ਸਾਰੇ ਬ੍ਰਹਿਮੰਡ ਦਾ ਮਾਲਕ ਆਪ ਬੈਠਾ ਹੈ। ਅਸੀਂ ਜਾਗਦੇ ਹਾਂ ਸਿਰਫ਼ ਸਿਮਰਨ ਦੇ ਰਾਹੀਂ। ਸਿਰਫ਼ ਸਿਮਰਨ ਦੇ ਰਾਹੀਂ, ਜਦੋਂ ਪਰਮਾਤਮਾ ਦਾ ਨਾਮ ਸਾਡੀ ਸੁਰਤ ਵਿੱਚ ਰਹਿੰਦਾ ਹੈ। ਜਿੰਨਾ ਚਿਰ ਅਸੀਂ ਖਿਆਲਾਂ ਦੇ ਵਿੱਚ ਰਹਿੰਦੇ ਹਾਂ, ਸਾਡੀ ਸੁਰਤੀ ਹਰ ਪਾਸੇ ਭਟਕਦੀ ਰਹਿੰਦੀ ਹੈ। ਸਾਡੇ ਕੋਲ ਇਹ ਜਾਣਨ ਦਾ ਕੋਈ ਮੌਕਾ ਹੀ ਨਹੀਂ ਰਹਿੰਦਾ ਕਿ ਅਸੀਂ ਕੌਣ ਹਾਂ, ਕਿਉਂਕਿ ਸਾਨੂੰ ਆਪਣੇ ਆਪ ਨੂੰ ਜਾਣਨ ਲਈ ਅੰਦਰੋਂ ਟਿਕਣਾ ਪਵੇਗਾ।

ਜਿਹੜੀ ਨਦੀ ਲਗਾਤਾਰ ਵਹਿ ਰਹੀ ਹੈ, ਉਹਨੂੰ ਸਮੁੰਦਰ ਵਿੱਚ ਡਿੱਗਣਾ ਪੈਣਾ ਹੈ, ਤਾਂ ਹੀ ਉਹ ਜਾਣ ਸਕੇਗੀ। ਜਦੋਂ ਉਹ ਉੱਥੇ ਜਾ ਕੇ ਸ਼ਾਂਤ ਹੋ ਜਾਂਦੀ ਹੈ, ਓਦੋਂ ਉਸਨੂੰ ਪਤਾ ਲੱਗਦਾ ਹੈ ਕਿ, “ਮੈਂ ਤਾਂ ਉਹੀ ਹਾਂ ਜੋ ਸਮੁੰਦਰ ਹੈ। ਸਮੁੰਦਰ ਪਾਣੀ ਦਾ ਬਣਿਆ ਹੈ, ਮੈਂ ਵੀ ਪਾਣੀ ਦੀ ਹੀ ਹਾਂ।” ਇਹ ਗੱਲ ਉਸਨੂੰ ਸਿਰਫ਼ ਓਦੋਂ ਹੀ ਪਤਾ ਲੱਗੀ, ਜਦੋਂ ਉਹ ਟਿਕ ਗਈ, ਸ਼ਾਂਤ ਹੋ ਗਈ। ਇਸੇ ਤਰ੍ਹਾਂ ਸਿਮਰਨ ਸਾਨੂੰ ਜਗਾਉਂਦਾ ਹੈ।

ਸਾਡਾ ਮਨ ਨਾਭੀ ਤੇ ਰਹਿੰਦਾ ਹੈ। ਖਿਆਲ ਮੱਥੇ ਵਿੱਚ ਆਉਂਦੇ ਹਨ, ਪਰ ਮਨ ਦਾ ਆਸਣ ਨਾਭੀ 'ਤੇ ਹੈ। ਇਸੇ ਕਰਕੇ ਜਦੋਂ ਅਸੀਂ ਚਿੰਤਾ ਵਿੱਚ ਹੁੰਦੇ ਹਾਂ, ਜਦੋਂ ਅਸੀਂ ਬੇਚੈਨੀ ਮਹਿਸੂਸ ਕਰਦੇ ਹਾਂ, ਤਾਂ ਨਾਭੀ ਵਾਲੀ ਜਗ੍ਹਾ 'ਤੇ ਤਣਾਅ ਮਹਿਸੂਸ ਹੁੰਦਾ ਹੈ। ਮਨ ਤਣਾਅ ਵਿੱਚ ਹੁੰਦਾ ਹੈ, ਤੇ ਉਹ ਤਣਾਅ ਨਾਭੀ ਦੇ ਸਥਾਨ 'ਤੇ ਮਹਿਸੂਸ ਹੁੰਦਾ ਹੈ।

ਇੱਕ ਪਾਸੇ ਤਾਂ ਅਸੀਂ ਮਨ ਨਾਲ ਲੜ ਰਹੇ ਹਾਂ ਕਿ ਆਪਣੇ ਆਪ ਨੂੰ ਉਹਦੇ ਹੱਥੋਂ ਛੁਡਾ ਸਕੀਏ। ਤੇ ਦੂਜੇ ਪਾਸੇ ਅਸੀਂ ਆਪਣੇ ਮਨ ਨਾਲ ਕਿੰਨੇ ਪਿਆਰ ਨਾਲ ਗੱਲਾਂ ਕਰ ਰਹੇ ਹਾਂ। “ਹੇ ਮੇਰੇ ਮਨ, ਮੇਰੇ ਸੋਹਣੇ ਪਿਆਰੇ ਮਨ, ਹੁਣ ਵਿੱਚ ਆ। ਇਸ ਪਲ ਵਿੱਚ ਆ। ਆ ਹੁਣ ਦੀ ਗਲੀ ਵਿੱਚ ਚੱਲੀਏ। ਇਸ ਵੇਲੇ, ਇਸ ਪਲ ਵਿੱਚ ਹੀ ਅਸੀਂ ਆਪਣੇ ਪਿਆਰੇ ਨੂੰ ਮਿਲ ਸਕਦੇ ਹਾਂ।”

ਗਾਉਣਾ ਵੀ ਬਹੁਤ ਜ਼ਰੂਰੀ ਹੈ। ਜਿਵੇਂ ਸਿਮਰਨ ਸਾਨੂੰ ਜਗਾਉਂਦਾ ਹੈ, ਉਸੇ ਤਰ੍ਹਾਂ ਗਾਉਣਾ ਵੀ ਹੁਣ ਦੀ ਗਲੀ ਵਿੱਚੋਂ ਉਹ ਰੁਕਾਵਟਾਂ ਦੂਰ ਕਰਦਾ ਹੈ, ਜਿਹੜੀਆਂ ਮਨ ਨੇ ਆਪਣੇ ਫਿਕਰਾਂ ਨਾਲ ਖੜ੍ਹੀਆਂ ਕਰ ਦਿੱਤੀਆਂ ਹਨ। 

“ਹੇ ਮੇਰੇ ਮਨ, ਆ ਹੁਣ ਦੀ ਗਲੀ ਵਿੱਚ ਚੱਲੀਏ। ਉੱਥੇ ਸਾਨੂੰ ਜ਼ਿੰਦਗੀ ਦਾ ਦਾਨ ਮਿਲਦਾ ਹੈ। ਉੱਥੇ ਸਾਨੂੰ ਜਾਗਣ ਦੀ ਦਾਤ ਮਿਲਦੀ ਹੈ। ਤੇ ਪਰਮਾਤਮਾ ਸਾਨੂੰ ਅੰਦਰੋਂ ਨਿਰਮਲ ਕਰਦਾ ਹੈ। ਸਾਨੂੰ ਆਪਣੇ ਪਿਆਰ ਦੇ ਰੰਗ ਵਿੱਚ ਰੰਗ ਦਿੰਦਾ ਹੈ। ਸਾਨੂੰ ਹਲੇਮੀਆਂ, ਹਮਦਰਦੀਆਂ ਤੇ ਮੁਹੱਬਤਾਂ ਵਰਗੇ ਸੋਹਣੇ ਗੁਣਾਂ ਨਾਲ ਸ਼ਿੰਗਾਰ ਦਿੰਦਾ ਹੈ।

“ਆਓ, ਆਪਾਂ ਇਸ਼ਕੇ ਦੀ ਗਲੀ ਵਿੱਚ ਚੱਲੀਏ। ਉੱਥੇ ਆਪਣਾ ਘਰ ਬਣਾਈਏ—ਹੁਣ ਦੀ ਗਲੀ ਵਿੱਚ।”

ਕਿਸੇ ਕੋਲ ਕੀ ਹੈ ਤੇ ਕੀ ਨਹੀਂ ਹੈ—ਇਸ ਦਾ ਜਾਗਣ ਨਾਲ ਜਾ ਇਸ ਗੱਲ ਨੂੰ ਪਛਾਣਨ ਨਾਲ ਕਿ “ਮੈਂ ਅਸਲੀ ਖੂਬਸੂਰਤੀ ਦਾ ਖ਼ਜ਼ਾਨਾ ਹਾਂ, ਮੈਂ ਸੱਚੀਆਂ ਦੌਲਤਾਂ ਦਾ ਖ਼ਜ਼ਾਨਾ ਹਾਂ,” ਬਿਲਕੁਲ ਕੋਈ ਵਾਸਤਾ ਨਹੀਂ ਹੈ। 

ਸਾਨੂੰ ਜੋ ਕੁਝ ਪਰਮਾਤਮਾ ਨੇ ਬਖ਼ਸ਼ਿਆ ਹੈ, ਉਸ ਨੂੰ ਸਿਆਣਪ ਨਾਲ ਵਰਤਣਾ ਚਾਹੀਦਾ ਹੈ। ਜੋ ਕੁਝ ਉਹ ਸਾਨੂੰ ਦੇ ਰਿਹਾ ਹੈ ਤੇ ਜੋ ਕੁਝ ਉਹ ਅੱਗੇ ਵੀ ਬਖ਼ਸ਼ਣ ਵਾਲਾ ਹੈ, ਭਾਵੇਂ ਉਹ ਦੁਨਿਆਵੀ ਚੀਜ਼ਾਂ ਹੀ ਕਿਉਂ ਨਾ ਹੋਣ, ਸਾਨੂੰ ਉਹਨਾਂ ਨੂੰ ਸਮਝਦਾਰੀ ਤੇ ਸੰਜਮ ਨਾਲ ਵਰਤਣਾ ਚਾਹੀਦਾ ਹੈ।

ਕਿਸੇ ਦਾ ਵੱਡਾ ਘਰ ਹੋਵੇ, ਵੱਡੀ ਗੱਡੀ ਹੋਵੇ, ਬੈਂਕ balance ਜਿਆਦਾ ਹੋਵੇ —ਇਹਨਾਂ ਚੀਜ਼ਾਂ ਦਾ ਜ਼ਿੰਦਗੀ ਦੀ ਅਸਲ ਖੂਬਸੂਰਤੀ ਨਾਲ ਬਿਲਕੁਲ ਕੋਈ ਵਾਸਤਾ ਨਹੀਂ ਹੈ। ਇਹ ਚੀਜ਼ਾਂ ਸਾਨੂੰ ਕਦੇ ਸ਼ਾਂਤ ਨਹੀਂ ਕਰਦੀਆਂ, ਕਦੇ ਅੰਦਰੋਂ ਟਿਕਾਉ ਨਹੀਂ ਦਿੰਦੀਆਂ। ਇਹ ਸਾਨੂੰ ਹਲੇਮੀਆਂ ਵਾਲਾ ਨਹੀਂ ਬਣਾਉਂਦੀਆਂ, ਸਾਡੇ ਅੰਦਰ ਪਿਆਰ ਨਹੀਂ ਪੈਦਾ ਕਰਦੀਆਂ, ਸਾਨੂੰ ਹਮਦਰਦੀਆਂ ਵਾਲਾ ਨਹੀਂ ਬਣਾਉਂਦੀਆਂ। ਸਗੋਂ ਇਸ ਦਾ ਉਲਟ ਹੀ ਹੁੰਦਾ ਹੈ।

“ਕੌਣ ਵੱਡਾ ਹੈ? ਕੀ ਉਹ, ਜਿਸ ਕੋਲ ਦੁਨਿਆਵੀ ਦੌਲਤ ਜ਼ਿਆਦਾ ਹਨ?” “ਨਹੀਂ! ਵੱਡਾ ਉਹ ਹੈ, ਜਿਹੜਾ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ।”

ਜ਼ਿੰਦਗੀ ਵਿੱਚ ਵੱਡਾ ਹੋਣਾ ਉਹਨਾਂ ਦੁਨਿਆਵੀ ਚੀਜ਼ਾਂ ਦੇ ਹੋਣ ਦਾ ਨਾਮ ਨਹੀਂ ਹੈ। ਵੱਡਾ ਹੋਣ ਦਾ ਮਤਲਬ ਹੈ ਕਿ ਅਸੀਂ ਇੰਨੇ ਸ਼ਾਂਤ ਹੋ ਜਾਈਏ ਕਿ ਆਪਣੇ ਆਪ ਨੂੰ ਪਛਾਣ ਸਕੀਏ, ਤੇ ਇਹ ਪਛਾਣ ਸਕੀਏ ਕਿ ਇਹੀ ਉਹ ਹੈ...

ਮਨੁੱਖੀ ਜੀਵਨ ਦੀ ਅਸਲ ਵਡਿਆਈ ਇਸ ਗੱਲ ਵਿੱਚ ਹੈ ਕਿ ਅਸੀਂ ਹਲੇਮੀਆਂ ਵਾਲੇ ਬਣੀਏ, ਹਮਦਰਦੀਆਂ ਵਾਲੇ ਬਣੀਏ ਤੇ ਪਿਆਰ ਕਰਨ ਵਾਲੇ ਬਣੀਏ। ਇਹੀ ਜ਼ਿੰਦਗੀ ਦੀਆਂ ਅਸਲ ਮਹੱਤਵਪੂਰਨ ਗੱਲਾਂ ਹਨ। ਇਹੀ ਜ਼ਿੰਦਗੀ ਦੀਆਂ ਵੱਡੀਆਂ ਗੱਲਾਂ ਹਨ।ਵੱਡੇ ਘਰ ਨਹੀਂ, ਵੱਡੀਆਂ ਗੱਡੀਆਂ ਨਹੀਂ, ਤੇ ਵੱਡੀਆਂ ਕੁਰਸੀਆਂ ਨਹੀਂ । ਨਹੀਂ, ਨਹੀਂ।

ਅਸੀਂ ਪਰਮਾਤਮਾ ਦੇ ਵਿੱਚ ਮਿਲਣ ਦੇ ਰਸਤੇ 'ਤੇ ਹਾਂ। ਹੁਣ ਸਾਨੂੰ ਇਸ ਰਸਤੇ 'ਤੇ ਤੁਰਨ ਲਈ ਮਿਹਨਤ ਕਰਨੀ ਪਏਗੀ, ਕਿਉਂਕਿ ਇਹ ਮੌਕਾ ਕਈ ਜਨਮਾਂ ਤੋਂ ਬਾਅਦ ਇੱਕ ਵਾਰ ਮਿਲਦਾ ਹੈ। ਤੇ ਇਸ ਲਈ ਸਾਨੂੰ ਆਪਣਾ ਸਭ ਕੁਝ ਲਾਉਣਾ ਪਏਗਾ---- ਆਪਣੀ ਪੂਰੀ ਤਾਕਤ।  

ਪਰਮਾਤਮਾ ਦੇ ਵਿੱਚ ਮਿਲਣਾ, ਆਪਾਂ ਸੋਚ ਨਹੀਂ ਸਕਦੇ ਕਿੱਡੀ ਵੱਡੀ ਇਹ ਘਟਨਾ ਘਟਦੀ ਹੈ ਤੇ ਉਹਦੇ ਲਈ ਆਪਾਂ ਨੂੰ ਬਹੁਤ ਜਾਗਣਾ ਪਏਗਾ। ਸਾਰੀਆਂ ਆਦਤਾਂ ਬਦਲਣੀਆਂ ਪੈਣਗੀਆਂ। ਸਭ ਕੁਛ ਬਦਲਣਾ ਪਏਗਾ ਕਿਉਂਕਿ ਉਹਨੂੰ ਮਿਲਣ ਲਈ ਆਪਾਂ ਨੂੰ ਉੱਚੀ ਮਾੜੀ ਚੜਨੀ ਪਵੇਗੀ।